26/05/2026
ਵੇਹਲ਼ੇ, ਆਲਸੀ ਤੇ ਕਾਕਰੋਜ਼ ਆਮ ਲੋਕ ? ਜਾਂ
ਦਲਾਲ ਸਰਕਾਰ ਤੇ ਓਹਨਾਂ ਦੇ ਝੋਲੀਚੁੱਕ ਨੌਕਰਸ਼ਾਹ?
ਇਹ ਦੋਵੇਂ ਇੱਕ ਦੂਜੇ ਨਾਲ ਜੁੜੇ ਸਵਾਲ ਨੇ। ਸਾਨੂੰ ਸੁਰਤ ਸੰਭਲਦਿਆਂ ਹੀ ਪੜ੍ਹਾਇਆ ਜਾਂਦਾ ਹੈ ਕਿ "ਸਾਡਾ ਦੇਸ਼ ਮਹਾਨ ਹੈ" ਨਾਲ ਹੀ ਇਹ ਕਿ ਸਾਡਾ ਦੇਸ਼ ਦੁਨੀਆਂ ਦਾ "ਸਭ ਤੋਂ ਵੱਡਾ ਲੋਕਤਤਰ" ਹੈ। ਲੋਕਤੰਤਰ ਲੋਕਾਂ ਦਾ ਲੋਕਾਂ ਵੱਲੋਂ ਲੋਕਾਂ ਲਈ ਸ਼ਾਸ਼ਨ ਪਰ ਜਿਸ ਦੇਸ਼ ਦੀ ਅਵਾਮ ਨੂੰ ਓਥੇ ਸ਼ਾਸ਼ਨ ਕਰ ਰਹੇ ਹਾਕਮ ਕੀੜੇ ਮਕੌੜੇ/ਪਰਜੀਵੀ/ਕਾਕਰੋਚ ਸਮਝਦੇ ਹੋਣ, ਓਥੋਂ ਦਾ ਤੰਤਰ ਕਿਹੜਾ ਹੋਵੇਗਾ। ਗੱਲ ਸਿਰਫ਼ ਕਹਿਣ ਤਕ ਸੀਮਿਤ ਨਹੀਂ, ਅਸਲ ਗੱਲ ਇਹ ਹੈ ਕਿ ਇਹ ਜਨਤਾ ਜਾਂ ਲੋਕਾਂ ਦਾ ਰਾਜ ਹੈ ਹੀ ਨਹੀ। ਤੰਤਰ ਤੇ ਲੋਕ ਅੱਡੋ ਅੱਡ ਨੇ, ਬਲਕਿ ਤੰਤਰ ਲੋਕਾਂ ਦੇ ਉਪਰ ਥੋਪਿਆ ਹੋਇਆ ਹੈ।
ਅਸੀਂ ਦੇਸ਼ ਦੀ ਨਿਆਂ ਵਿਵਸਥਾ ਦੀ ਸਭ ਤੋਂ ਉਪਰਲੀ ਪਦਵੀ ਤੇ ਬੈਠੇ ਚੀਫ਼ ਜਸਟਿਸ ਵੱਲੋਂ ਬੇਰੁਜਗਾਰ ਨੌਜਵਾਨਾਂ ਤੇ ਦੇਸ਼ ਦੀ ਅਵਾਮ ਨੂੰ ਕਾਕਰੋਚ ਕਹਿਣ ਦਾ ਖੁੱਲ੍ਹੇ ਤੌਰ ਤੇ ਵਿਰੋਧ ਕਰਦੇ ਹਾਂ। ਇਹ ਗੱਲ ਸਾਬਿਤ ਕਰਦੀ ਹੈ ਕਿ ਉਹ ਦੇਸ਼ ਦੀ ਜਨਤਾ ਨੂੰ ਨਿਆਂ ਦੇਣ ਦੀ ਬਜਾਇ ਕਿਹੜੇ ਵਰਗ ਦੇ ਕਦਮਾਂ ਵਿੱਚ ਡਿੱਗੇ ਹੋਏ ਨੇ। ਜਦੋਂ ਸਰਕਾਰ ਤੇ ਸਰਕਾਰ ਨੂੰ ਚਲਾਉਣ ਵਾਲੇ ਦਲਾਲ ਅਡਾਨੀ ਅੰਬਾਨੀ ਦੇ ਖ਼ਿਲਾਫ਼ ਨੌਜਵਾਨਾਂ ਮਜ਼ਦੂਰਾਂ ਕਿਸਾਨਾਂ ਦਾ ਗੁੱਸਾ ਫੁੱਟਦਾ ਹੈ ਤਾਂ ਓਹਨਾਂ ਦੀ ਚਾਕਰੀ ਵਿੱਚ ਲੱਗੇ ਇਹਨਾਂ ਨੌਕਰਸ਼ਾਹਾਂ ਦੇ ਦਰਦ ਉੱਠਦਾ ਹੈ। ਕਿਉਂਕਿ ਇਹ ਆਮ ਜਨਤਾ ਨੂੰ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਵਿੱਚ ਸੁੱਟ ਰਹੀ ਹਕੂਮਤ ਨੂੰ ਬਚਾਉਣ ਲਈ ਪਹਿਲੀ ਕਤਾਰ ਵਿੱਚ ਖੜੇ ਰਹਿੰਦੇ ਨੇ।ਪਰ ਜਿਵੇਂ ਹੀ ਇਹ ਵਿਰੋਧ ਸਾਹਮਣੇ ਆਉਂਦਾ ਹੈ ਤਾਂ ਅਵਾਜਾਂ ਨੂੰ ਕੁਚਲਣ ਵਾਸਤੇ ਇਹ ਪ੍ਰਬੰਧ ਨੀਚਤਾ ਦੀ ਪੱਧਰ ਤਕ ਜਾਦਾਂ ਹੈ ਤੇ ਫੇਸਬੁੱਕ, ਇੰਸਟਾਗ੍ਰਾਮ ਪੇਜਾਂ ਨੂੰ ਬੈਨ ਕਰਨਾ, ਪੱਤਰਕਾਰਾਂ ਤੇ ਦਮਨ, ਲੋਕਾਂ ਦੀ ਆਵਾਜ਼ ਬਣਦੇ ਪ੍ਰੋਫ਼ੈਸਰਾਂ ਤੇ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਬੰਦ ਕਰਨਾ ਆਦਿ ਇਸ ਵਿਚ ਸ਼ਾਮਿਲ ਹੈ।
ਇਹ ਕੋਈ ਪਹਿਲੀ ਵਾਰ ਨਹੀ ਹੋਇਆ, ਅਲਗ ਅਲਗ ਸਮੇਂ ਵਿੱਚ ਸਾਧਾਰਨ ਜਨਤਾ ਬਾਰੇ ਇਹਨਾਂ ਦੀ ਅਸਲ ਸਮਝ ਤੇ ਮਨਸ਼ਾ ਵਾਰ ਵਾਰ ਸਾਹਮਣੇ ਆਉਂਦੀ ਰਹਿੰਦੀ ਹੈ। ਜਦੋਂ ਖੇਤੀ ਨੂੰ ਅਮਰੀਕੀ ਤੇ ਹੋਰ ਦੇਸ਼ਾਂ ਦੇ ਭੁੱਖੇ ਬਘਿਆੜਾਂ ਅੱਗੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ, ਸੜਕਾਂ ਤੇ ਨਿੱਕਲੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਪਰਜੀਵੀ ਤੇ ਅੰਦੋਲਨ ਜੀਵੀ ਕਹਿੰਦੇ ਨੇ, ਸਾਡੇ ਦੇਸ਼ ਨੂੰ ਸੰਪਰਦਾਇਕ ਰੰਗ ਦੇਣ (CAA, NRC) ਦੇ ਖ਼ਿਲਾਫ਼ ਨਿੱਕਲੇ ਲੋਕਾਂ ਨੂੰ ਆਤੰਕਵਾਦੀ ਤੇ ਬਾਹਰੀ ਲੋਕ ਕਿਹਾ ਜਾਂਦਾ, ਜੇ.ਐਨ.ਯੂ. ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਿ ਸਰਕਾਰ ਦੇ ਪੈਸਿਆਂ ਤੇ ਪਲਣ ਵਾਲੇ ਮੁਫਤਖੋਰ ਕਿਹਾ ਜਾਂਦਾ, ਮੂਲਵਾਸੀ ਬਚਾਓ ਮੰਚ ਦੇ ਅੰਦੋਲਨ ਕਰਦੇ ਆਦਿਵਾਸੀਆਂ ਨੂੰ ਨਕਸਲੀ ਕਿਹਾ ਜਾਂਦਾ, ਰੇਪ ਤੇ ਯੋਨ ਹਿੰਸਾ ਦਾ ਵਿਰੋਧ ਕਰਦੀਆਂ ਔਰਤਾਂ, ਖਿਲਾੜੀਆਂ ਨੂੰ ਡਰਾਮੇਬਾਜ਼ ਤੇ ਝੂਠਾ ਕਿਹਾ ਜਾਂਦਾ ਤੇ ਇਸ ਤੋਂ ਉਪਰ ਦੰਗਾਈ, ਬਲਾਤਕਾਰੀਆਂ ਤੇ ਕਾਤਲਾਂ ਨੂੰ ਵਿਧਾਨ ਸਭਾ, ਰਾਜ ਸਭਾ ਤੇ ਹੋਰ ਵੱਡੇ ਅਹੁਦਿਆਂ ਤੇ ਬਿਠਾਇਆ ਜਾਂਦਾ। ਕਿਸੇ ਵੀ ਕਿਸਮ ਦੀ ਹਿੰਸਾ ਤੇ ਨਾ ਇਨਸਾਫੀ ਵਿਰੁੱਧ ਖੜਨ ਵਾਲੇ ਲੋਕ ਦੇਸ਼ ਧ੍ਰੋਹੀ ਹੋ ਜਾਂਦੇ ਨੇ। ਇਸ ਹਿਸਾਬ ਨਾਲ ਇਹ ਕਿਸੇ ਇਕ ਸਮੂਹ ਜਾਂ ਨੌਜਵਾਨਾਂ ਜਾਂ ਬੇਰੁਜਗਾਰਾਂ ਦਾ ਮਸਲਾ ਨਹੀਂ ਬਲਕਿ ਦੇਸ਼ ਦੀ ਜ਼ਿਆਦਾਤਰ ਲੋਕਾਂ ਦਾ ਮਸਲਾ ਹੈ, ਜੋ ਸਮੇਂ ਸਮੇਂ ਤੇ ਵੱਖਰੇ ਵੱਖਰੇ ਢੰਗ ਨਾਲ ਸਾਹਮਣੇ ਆਉਂਦਾ ਰਹਿੰਦਾ ਹੈ।
ਫ਼ਿਰ ਅਸਲ ਦੋਸ਼ੀ ਕੋਣ ?
ਅਸਲ ਦੋਸ਼ੀ ਬੇਰੁਜ਼ਗਾਰ ਨੌਜਵਾਨ, ਖ਼ਾਲੀ ਸਿਲੰਡਰਾਂ ਲਈ ਖੜੇ, ਮਹਿੰਗਾਈ ਦੀ ਮਾਰ ਝੱਲ ਰਹੇ ਮਜ਼ਦੂਰ ਜਾਂ ਦੇਸ਼ ਦੇ ਆਮ ਲੋਕ ਨਹੀ! ਬਲਕਿ ਭਾਰਤ ਦੀ ਦਲਾਲ ਸਰਕਾਰ, ਦੇਸ਼ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਦਲਾਲ ਅਡਾਨੀ, ਅੰਬਾਨੀ, ਟਾਟੇ, ਬਿਰਲੇ, ਦੇਸ਼ ਦੇ ਸਿਸਟਮ ਨੂੰ ਖੋਖਲਾ ਕਰੀ ਬੈਠੇ ਮੱਕਾਰ, ਲਾਲਚੀ, ਲੋਕਾਂ ਨੂੰ ਕੀੜੇ ਮਕੌੜੇ ਸਮਝਣ ਵਾਲੇ ਨੌਕਰਸ਼ਾਹ ਨੇ।
ਇਹ ਛੋਟੀ ਸਮੱਸਿਆ ਨਹੀਂ। ਸਾਡੇ ਸਭ ਦੇ ਸਾਹਮਣੇ ਹੈ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਥਿਤਿਆਂ ਕਿੰਨੀਆਂ ਭਿਆਨਕ ਹੋ ਚੁੱਕੀਆਂ ਨੇ। ਆਪਣੇ ਮੁਨਾਫ਼ੇ ਲਈ ਕਿਵੇਂ ਗਾਜ਼ਾ, ਇਰਾਨ, ਬਸਤਰ, ਕਸ਼ਮੀਰ, ਅਸਾਮ ਆਦਿ ਦੇ ਬੱਚੇ ਵੀ ਮਨੁੱਖ ਨਹੀਂ ਰਹਿੰਦੇ। ਸਾਡੇ ਦੇਸ਼ ਵਿਚ ਵੀ ਆਰਥਿਕ ਮੰਦੀ ਕਾਰਨ ਲੋਕਾਂ ਅੰਦਰ ਬਹੁਤ ਬੈਚੇਨੀ ਬਹੁਤ ਵਧ ਗਈ ਹੈ। ਸੋ ਕਿ ਸੁਭਾਵਿਕ ਤੌਰ ਤੇ ਲੋਕਾਂ ਅੰਦਰ ਗੁਸਾ ਹੈ। ਅਜਿਹੇ ਦੌਰ ਵਿਚ ਲੋਕਾਂ ਦਾ ਗੁਸਾ ਵਧਣਾ ਜਾਇਜ਼ ਹੈ।
ਪਰ ਨਾਲ ਹੀ ਇਹ ਵੀ ਧਿਆਨ ਦੇਣਾ ਚਾਹੀਦਾ ਹੈ, ਸਮੱਸਿਆ ਨੂੰ ਸੀਮਿਤ ਤੇ ਗ਼ੈਰ ਗੰਭੀਰਤ ਨਾਲ ਲੈਣਾ ਸਾਨੂੰ ਸਮਸਿਆ ਨੂੰ ਠੀਕ ਤਰ੍ਹਾਂ ਨਾਲ ਸਮਝਣ ਤੋਂ ਦੂਰ ਕਰਦਾ ਹੈ। ਸਾਡਾ ਨੌਜਵਾਨਾਂ ਦਾ ਇਹ ਫ਼ਰਜ਼ ਹੈ ਕਿ ਉਹ ਭਾਵੇਂ ਸਾਨੂੰ ਆਲਸੀ ਜਾਂ ਵੇਹਲੇ ਕਹਿੰਦੇ ਨੇ, ਪਰ ਅਸੀਂ ਆਲਸੀ ਹੋਣ ਤੇ ਮਾਣ ਕਰਨ ਕਰਨ ਵਾਲੇ ਕੁਝ ਕੁ ਲੋਕਾਂ ਤੋਂ ਆਪਣੇ ਆਪ ਨੂੰ ਨਿਖੇੜੀਏ। ਬੇਰੁਜ਼ਗਾਰੀ ਵਿਵਸਥਾ ਦੀ ਹਿੰਸਾ ਹੈ ਨਾ ਕਿ ਸਾਡੀ ਇੱਛਾ। ਅਸੀਂ ਮਿਹਨਤਕਸ਼ ਕਿਸਾਨਾਂ, ਮਜਦੂਰਾਂ, ਚੱਕੀ ਵਿਚ ਪਿਸ ਰਹੇ ਮੁਲਾਜਮਾਂ ਤੇ ਦੁਕਾਨਦਾਰਾਂ ਦੇ ਬੱਚੇ ਹਾਂ। ਅਸੀਂ ਮਿਹਨਤ ਕਰਨ ਵਿਚ ਤੇ ਮਿਹਨਤਕਸ਼ ਲੋਕਾਂ ਤੇ ਮਾਣ ਮਹਿਸੂਸ ਕਰਦੇ ਹਾਂ। ਪਰ ਮੁਫ਼ਤਖੋਰ, ਜਨਤਾ ਦੀ ਲੁੱਟ ਕਰਨ ਵਾਲੇ ਤੇ ਸਾਡੇ ਉੱਪਰ ਹਕੂਮਤ ਕਰਦੇ ਕੁਝ ਕੁ ਆਰਾਮ ਪਸੰਦ ਲੋਕਾਂ ਨੂੰ ਘ੍ਰਿਣਾ ਦੀ ਹੱਦ ਤੱਕ ਨਫ਼ਰਤ ਕਰਦੇ ਹਾਂ।
ਧਿਆਨ ਰੱਖੀਏ, ਬਹੁਤ ਸਾਰੀਆਂ ਪਾਰਟੀਆਂ ਲੋਕਾਂ ਦਾ ਗੁੱਸਾ ਆਪਣੇ ਰਾਜਨੀਤਿਕ ਏਜੇਂਡੇ ਲਈ ਵਰਤ ਕੇ ਸੱਤਾ ਹਾਸਿਲ ਕਰਦੀਆਂ ਨੇ। ਨਾ ਕਿ ਸਮਸਿਆ ਦਾ ਹੱਲ ਕਰਦੀਆਂ ਨੇ। ਆਮ ਆਦਮੀ ਪਾਰਟੀ "ਅੰਦੋਲਨਾਂ" ਚੋਂ ਨਿਕਲੀ ਪਾਰਟੀ ਦੀ ਇਕ ਉਦਾਹਰਨ ਹੈ, ਜੋ ਹੁਣ ਖੁਦ ਨੌਕਰੀਆਂ ਤੋਂ ਕੱਢੇ ਜਾ ਰਹੇ ਨੌਜਵਾਨਾ ਤੇ ਕਿਸਾਨਾਂ ਮਜਦੂਰਾਂ ਤੇ ਲਾਠੀ ਡੰਡਾ ਚਲਾ ਰਹੀ ਹੈ। ਇਸ ਲਈ ਇਹ ਜਰੂਰੀ ਹੈ ਕਿ ਅਸੀਂ ਕਿਸੇ ਦੇ ਪਿੱਛਲੱਗੂ ਨਾ ਬਣੀਏ ਤੇ ਤਰਕ ਦੀ ਕਸਵੱਟੀ ਤੇ ਹਰ ਗੱਲ ਨੂੰ ਪਰਖੀਏ ਤੇ ਰਾਹ ਬਣਾਈਏ ਜੇ ਅਸੀਂ ਸੱਚਮੁੱਚ ਹੱਲ ਚਾਹੁੰਦੇ ਹਾਂ ਤੇ ਬਦਲਾਅ ਚਾਹੁੰਦੇ ਹਾਂ ਤਾਂ ਅਸੀਂ ਸਿਰਫ਼ ਸੋਸ਼ਲ ਮੀਡੀਆ ਜਾਂ ਟਵੀਟ ਕਰ ਕੇ ਸੰਤੁਸ਼ਟ ਨਹੀਂ ਹੋ ਸਕਦੇ। ਸਾਡੇ ਆਸ ਪਾਸ ਚਲਦੇ ਨੌਜਵਾਨਾਂ ਬੇਰੁਜਗਾਰਾਂ ਦਾ ਤੇ ਨਾਇਨਸਾਫੀ ਖ਼ਿਲਾਫ਼ ਚਲਦੇ ਹਰ ਸੰਘਰਸ਼ ਨਾਲ ਖੜ੍ਹੇ ਹੋਈਏ। ਸ਼ੋਸ਼ਲ ਮੀਡੀਆ ਸਾਡਾ ਪ੍ਰਚਾਰ ਤੇ ਪ੍ਰਤੀਰੋਧ ਦਾ ਸਿਰਫ਼ ਇਕ ਸਾਧਨ ਵਜੋਂ ਦੇਖਣਾ ਚਾਹੀਦਾ ਹੈ। CJP (ਕਾਕਰੋਚ ਜਨਤਾ ਪਾਰਟੀ)ਦਾ ਬਣਨਾ CJI ਦੇ ਵਿਰੋਧ ਵਜੋਂ ਪ੍ਰਤੀਕਰਮ ਤਾਂ ਰਹਿ ਸਕਦਾ ਹੈ ਪਰ ਅੰਦੋਲਨ ਦਾ ਰੂਪ ਧਾਰਨ ਕਰਨ ਲਈ ਬਹੁਤ ਸਟੀਕ ਰਾਜਨੀਤੀ ਦੀ ਲੋੜ ਹੈ ਜੋ ਲੋਕ ਪੱਖੀ ਹੋਵੇ ਨਾ ਕਿ ਲੋਕ ਵਿਰੋਧੀ। CJI ਵੱਲੋਂ ਨੌਜਵਾਨਾਂ ਨੂੰ ਕਾਕਰੋਚ ਕਹਿਣ ਦਾ ਕ੍ਰਾਂਤੀਕਾਰੀ ਭਾਵਨਾ ਨਾਲ ਵਿਰੋਧ ਕਰੀਏ। ਜਿਵੇਂ ਦੇਖ ਸਕਦੇ ਹਾਂ ਕਿ ਪੰਜਾਬ ਵਿਚ ਨੌਕਰੀਆਂ ਤੋਂ ਵਾਂਝੇ ਕੀਤੇ ਗਏ 1158 ਪ੍ਰੋਫ਼ੈਸਰਾਂ, 253 ਮਾਸਟਰਾਂ ਤੇ ਹੋਰ ਬੇਰੁਜਗਾਰਾਂ, ਕਿਸਾਨਾਂ ਮਜ਼ਦੂਰਾਂ ਦੇ ਲਗਾਤਾਰ ਅੰਦੋਲਨ ਚੱਲ ਰਹੇ ਨੇ। ਕੀ ਅਸੀਂ ਇਹਨਾਂ ਅੰਦੋਲਨਾਂ ਦੇ ਨਾਲ ਜਮੀਨੀ ਤੌਰ ਤੇ ਖੜੇ ਹੋਣ ਤੋਂ ਬਿਨਾਂ ਬੇਰੁਜ਼ਗਾਰੀ ਨੂੰ ਸਿਰਫ਼ ਟਵੀਟ ਤੇ ਪੋਸਟ ਨਾਲ ਮਿਟਾ ਸਕਦੇ ਹਾਂ? ਜੇ ਨਹੀਂ, ਤਾਂ ਰਾਹ ਸਾਡੇ ਸਾਹਮਣੇ ਹੈ। ਆਓ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਹੰਭਲਾ ਮਾਰੀਏ।
ਨਾਅਰਾ ਬੁਲੰਦ ਕਰੋ....
#ਕਾਕਰੋਚ_ਨਹੀਂ_ਕ੍ਰਾਂਤੀਕਾਰੀ_ਬਣੋ।
#ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਖੜੋ।
#ਇਨਕਲਾਬ_ਜਿੰਦਾਬਾਦ।