04/05/2026
ਅਜ਼ਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
ਚੰਡੀਗੜ੍ਹ, 4 ਮਈ — ਅਜ਼ਾਦ ਕਿਸਾਨ ਮੋਰਚਾ ਪੰਜਾਬ (AKM Punjab) ਫੋਰਮ ਵੱਲੋਂ, ਜਿਸ ਵਿੱਚ ਪੰਜਾਬ ਦੀਆਂ 15 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਸ਼ਾਮਲ ਹਨ, ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਆਈਆਂ ਕੁਦਰਤੀ ਆਫ਼ਤਾਂ, ਹੜ੍ਹਾਂ, ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨ ਵਰਗ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਜਪਾਲ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।
ਮੰਗ ਪੱਤਰ ਵਿੱਚ ਹੜ ਪੀੜਤਾਂ ਨੂੰ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕਰਨ, ਨੁਕਸਾਨੀਆਂ ਫਸਲਾਂ ਦਾ ਯੋਗ ਮੁਆਵਜ਼ਾ ਦੇਣ, ਖਸ-ਖਸ (ਪੋਪੀ) ਦੀ ਖੇਤੀ ਕਾਨੂੰਨੀ ਤੌਰ ‘ਤੇ ਸ਼ੁਰੂ ਕਰਨ, ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਮੱਕੀ, ਆਲੂ, ਮਟਰ, ਮੂੰਗੀ ਤੇ ਕਪਾਹ ਸਮੇਤ ਹੋਰ ਫਸਲਾਂ ‘ਤੇ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੀਬੀਐਮਬੀ ਵਿੱਚ ਪੰਜਾਬ ਦੀ ਭਾਗੀਦਾਰੀ ਬਹਾਲ ਕਰਨ, ਸਤਲੁੱਜ ਅਤੇ ਹੋਰ ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਕਾਰਵਾਈ ਕਰਨ, ਪਰਾਲੀ ਸਬੰਧੀ ਦਰਜ ਪਰਚੇ ਰੱਦ ਕਰਨ ਅਤੇ ਅਬਾਦਕਾਰ ਕਿਸਾਨਾਂ ਦੀਆਂ ਕੱਚੀਆਂ ਪੈਲੀਆਂ ਪੱਕੀਆਂ ਕਰਨ ਦੀ ਮੰਗ ਵੀ ਉਠਾਈ ਗਈ।
ਮੋਰਚੇ ਦੇ ਆਗੂਆਂ ਨੇ ਹਰ ਘਰ ਨੂੰ ਸਾਫ਼ ਪੀਣ ਵਾਲਾ ਪਾਣੀ ਅਤੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ, ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨੌਜਵਾਨਾਂ ਦੇ ਫੇਕ ਐਨਕਾਊਂਟਰਾਂ ‘ਤੇ ਰੋਕ ਲਗਾਉਣ ਅਤੇ 60 ਸਾਲ ਦੀ ਉਮਰ ਤੋਂ ਕਿਸਾਨਾਂ-ਮਜ਼ਦੂਰਾਂ ਲਈ 10 ਹਜ਼ਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਲਾਗੂ ਕਰਨ ਦੀ ਮੰਗ ਕੀਤੀ।
ਸਨਮਾਨ ਯੋਜਨਾ ਵਿੱਚ ਵਾਧਾ ਕਰਨ, ਰਹਿੰਦੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਅਤੇ ਮੱਲਾਂ ਵਾਲੇ ਤੋਂ ਘਰਿਆਲਾ ਤੱਕ ਬਣ ਰਹੀ ਨਵੀਂ ਰੇਲਵੇ ਲਾਈਨ ਲਈ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਮੁਆਵਜ਼ਾ ਘੱਟੋ-ਘੱਟ ਸਵਾ ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣ ਦੀ ਮੰਗ ਵੀ ਰੱਖੀ।
ਇਸ ਮੌਕੇ ਆਗੂਆਂ ਨੇ ਅਦਰਸ਼ ਸਕੂਲਾਂ ਦੇ ਅਧਿਆਪਕਾਂ ਦੀਆਂ ਘੱਟ ਤਨਖਾਹਾਂ ਦਾ ਮੁੱਦਾ ਵੀ ਉਠਾਇਆ ਅਤੇ ਸਰਕਾਰ ਨੂੰ ਤਨਖਾਹਾਂ ਵਧਾਉਣ ਲਈ ਸਿਫਾਰਸ਼ ਕਰਨ ਦੀ ਮੰਗ ਕੀਤੀ।
ਅਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਰਾਜਪਾਲ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੰਵੇਦਨਸ਼ੀਲਤਾ ਨਾਲ ਵੇਖਦੇ ਹੋਏ ਜਲਦ ਹੱਲ ਲਈ ਯੋਗ ਕਦਮ ਚੁੱਕਣਗੇ।
AKM Punjab ਅਜਾਦ ਕਿਸਾਨ ਮੋਰਚਾ ਪੰਜਾਬ ਨਾਲ ਸਬੰਧਿਤ 10 ਜਥੇਬੰਦੀਆਂ ਦੇ ਆਗੂਆਂ ਦੇ ਨਾਂ…
1. ਸੁੱਖ ਗਿੱਲ ਮੋਗਾ - ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਪੰਜਾਬ
2. ਸਤਨਾਮ ਸਿੰਘ ਹਰੀਕੇ- ਸੂਬਾ ਪ੍ਰਧਾਨ ਭਾਰਤੀ ਕਿਸਾਨ-ਮਜਦੂਰ ਯੂਨੀਅਨ ਮਝੈਲ
3. ਜਸਬੀਰ ਸਿੰਘ ਆਹਲੂਵਾਲੀਆ- ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ
4. ਤਰਨਜੀਤ ਸਿੰਘ ਨਿਮਾਣਾ- ਅੰਨਦਾਤਾ ਕਿਸਾਨ-ਮਜਦੂਰ ਯੂਨੀਅਨ ਪੰਜਾਬ
5. ਪਰਮਜੀਤ ਸਿੰਘ ਜੱਬੋਵਾਲ- ਪੰਜਾਬ ਕਿਸਾਨ ਯੂਨੀਅਨ ਬਾਗੀ
6. ਨਛੱਤਰ ਸਿੰਘ- ਸ਼ੇਰੇ ਪੰਜਾਬ ਕਿਸਾਨ-ਮਜਦੂਰ ਮੋਰਚਾ ਪੰਜਾਬ
7. ਸਾਰਜ ਸਿੰਘ - ਭਾਰਤੀ ਕਿਸਾਨ ਯੂਨੀਅਨ ਬੰਬ
8. ਭੁਪਿੰਦਰ ਸਿੰਘ ਕੋਟ ਦੁੱਨਾਂ - ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ
9. ਰਣਜੀਤ ਸਿੰਘ ਚੱਕ ਤਾਰੇਵਾਲਾ - ਬੀਕੇਯੂ ਤੋਤੇਵਾਲ
10. ਸੇਵਾ ਸਿੰਘ ਚੰਡੀਗੜ੍ਹ ਜਿਲ੍ਹਾ ਪ੍ਰਧਾਨ ਮੋਹਾਲੀ
ਵਧੇਰੇ ਜਾਣਕਾਰੀ
11.ਸੁਰਿੰਦਰ ਸਿੰਘ s/o ਅਜੀਤ ਸਿੰਘ ਹੜ ਪੀੜਤ ਸੰਘਰਸ਼ ਕਮੇਟੀ
ਲਈ:-9779438808,9592100080