02/10/2019
ਇੰਝ ਜਾਪਦੈ ਜਿਵੇਂ ਸਿੱਧਾਂ ਤੇ ਨਾਥਾਂ ਦੀਆਂ ਧੂਣੀਆਂ ਦੀ ਅੱਗ ਚੋਂ ਇਸਦਾ ਜਨਮ ਕੁਕਨੂਸ ਵਾਂਗ ਹੋਇਆ ਹੋਵੇ । ਫਿਰ ਸ਼ੇਖ ਫਰੀਦ ਦੀ ਸੋਹਬਤ ਵਿੱਚ ਮਿੱਠਤ ਦੇ ਜ਼ਮਜ਼ਮ ਚੋਂ ਘੁੱਟਾਂ ਭਰਦੀ ਹੋਈ ਬਾਬੇ ਨਾਨਕ ਤੱਕ ਅੱਪੜੀ ਤੇ ਤੇਰਾਂ ਤੋਂ ਤੇਰਾ ਤੱਕ ਦੇ ਸਫਰ ਨੂੰ ਤੱਕਦੇ ਹੋਏ ਰਹੱਸਾਂ ਦੀ ਉਚਾਈ ਤੱਕ ਪਹੁੰਚੀ । ਫਿਰ ਨੌਂ ਗੁਰੂਆਂ ਦੇ ਚਰਨਾਮਤ ਨੂੰ ਗ੍ਰਹਿਣ ਕਰਦੇ ਹੋਏ ਤੇ ਦਸਮ ਪਿਤਾ ਦੀ ਹਜੂਰੀ ਵਿੱਚ ਭੰਗਾਣੀ ਦੇ ਕੌਤਕਾਂ ਨੂੰ ਨਿਹਾਰਦੇ ਹੋਏ ਜਵਾਨ ਹੋਈ।
ਬੁੱਲ੍ਹੇ ਦੀਆਂ ਕਾਫੀਆਂ ਤੇ ਵਾਰਿਸ ਦੀ ਹੀਰ ਇਸਦੇ ਸੁਹਜ ਤੇ ਸੁਹੱਪਣ ਦੀ ਸਿਖਰ ਹੈ ।
ਕਿੰਨੇ ਹੀ ਹੁਕਮਰਾਨ ਤੇ ਹਮਲਾਵਰ ਇੱਥੇ ਕਾਬਜ਼ ਹੋਏ ਤੇ ਖਾਕ ਹੋ ਗਏ , ਪਰ ਇਸਦਾ ਸੁਹੱਪਣ ਜਿਉਂ ਦਾ ਤਿਉਂ ਹੈ ।
ਅੱਜ ਵੀ ਤੁਸੀਂ ਉਹਨਾਂ ਸ਼ਬਦਾਂ ਨੂੰ ਰੋਹੀਆਂ ਤੇ ਬੇਲਿਆਂ 'ਚ ਗੂੰਜਦੇ ਸੁਣ ਸਕਦੇ ਹੋ ਜੋ ਕਦੇ ਸੁਖ਼ਨ ਦੇ ਵਾਰਿਸ ਨੇ ਮਲਿਕਾ ਹਾਂਸ ਦੀ ਮਸੀਤ ਵਿੱਚ ਉਚਾਰੇ ਸੀ ਤੇ ਓਹ ਵਾਕ ਅੱਜ ਵੀ ਪੰਜਾਬ ਦੀ ਫਿਜ਼ਾ ਵਿੱਚ ਤੈਰਦੇ ਨੇ ਜੋ ਕਦੇ ਨਾਥਾਂ ਨੇ ਟਿੱਲਿਆਂ ਵਿੱਚ ਪੜ੍ਹੇ ਸੀ ।
- ਨਵਾਬ ਖਾਨ