25/06/2022
ਮੇਰੇ ਇੱਕ ਅਜ਼ੀਜ਼ ਮਿੱਤਰ ਨੇ ਫੋਟੋ ਭੇਜੀ ਤੇ ਨਾਲ ਲਿਖਿਆ - "ਅੱਜ ਤਾਂ ਸਾਰਾ ਦਿਨ ਯਰ ਏਥੇ ਲਹਿ ਗਿਆ।"
ਮੈਂ ਪੁੱਛਿਆ ਕਿ ਇਹ ਕਿੱਥੇ ਫਿਰਦੈਂ ਤਾਂ ਉਸ ਨੇ ਕਿਹਾ ਜੁਆਕਾਂ ਨੇ ਜਿੱਦ ਕੀਤੀ ਹੋਈ ਐ ਕਿ SYL ਵਿਖਾ ਕੇ ਲਿਆ। ਮਤਲਬ ਕਰੀਬ 175 ਕਿਲੋਮੀਟਰ ਤੋਂ ਉਹ ਜੁਆਕਾਂ ਨੂੰ ਨਹਿਰ ਵਿਖਾਉਣ ਗਿਆ ਸੀ। ਸ਼ਾਇਦ ਜੁਆਕ ਸਾਥੋਂ 'ਸਿਆਣੇ' ਹੋ ਰਹੇ ਆ। ਕਲਾਕਾਰ/ਲੇਖਕ/ਬੁੱਧੀਜੀਵੀ/ਸਮਾਜਕ ਅਗਵਾਨੂੰ ਨਾ ਕਦੇ ਪੂਰਨ ਹੋ ਸਕਦੇ ਨੇ ਤੇ ਨਾ ਕਦੇ ਹੋਏ ਆ, ਬੱਸ ਇਹ ਹੈ ਕਿ ਇਹ ਤੁਹਾਨੂੰ ਇੱਕ ਰਾਹੇ ਪਾ ਸਕਦੇ ਨੇ, ਤੁਰਨਾ ਤੁਹਾਨੂੰ ਖੁਦ ਨੂੰ ਪਵੇਗਾ।
ਅਪਣਾ ਇਤਿਹਾਸ, ਆਪਣੀ ਜੜ੍ਹ, ਆਪਣੀ ਪ੍ਰਭੂਸੱਤਾ (ਸੋਵਰਨਟੀ) ਬਾਰੇ ਜਾਨਣ ਦੀ ਥਾਂ ਫੇਸਬੁੱਕ 'ਤੇ ਲੜਾਈਆਂ ਨਾਲ਼ ਕੂਮੈਂਟ , ਰਿਪਲਾਈ ਤੀਕ ਹੀ ਗੇੜ ਰਹਿ ਜਾਏਗਾ। ਜਾਓ ! ਵੇਖੋ ! ਸਿੱਖ ਰਾਜ ਕਿਵੇਂ ਇੱਕ ਆਦਰਸ਼ ਹੋ ਨਿੱਬੜਿਆ ਤੇ ਉਸ ਦਾ ਪਤਨ ਕਿਵੇਂ ਹੋਇਆ। ਫਿਰ ਇਸ ਪੰਜਾਬ ਦੀ ਧਰਤੀ ਨੇ ਕਿਵੇਂ ਆਪਣੇ ਪੁੱਤਾਂ ਦੇ ਲਹੂ ਨਾਲ਼ ਖੁਦ ਨੂੰ ਸਿੰਜ ਕੇ ਗੁਲਾਮੀ ਤੋਂ ਨਾਬਰੀ ਦਾ ਐਲਾਨ ਕੀਤਾ। ਟੇਬਲ 'ਤੇ ਕਿਵੇਂ ਸਿੱਖਾਂ ਨਾਲ਼ 'ਅਜ਼ਾਦ' ਹੋਏ ਹਾਕਮ ਠੱਗੀ ਕਰ ਗਏ ਤੇ ਫੇਰ ਕੁਝ ਸਿੱਖ ਲੀਡਰ ਕਿਵੇਂ ਇੱਕ ਮਹਾਂ-ਸੂਬੇ ਨੂੰ ਆਪਣੇ ਲਾਲਚਾਂ ਕਰਕੇ ਤੁੜਵਾ ਬੈਠੇ ਤੇ ਨਾਲ਼ ਤਰੇੜੀ ਗਈ ਸਾਡੀ ਹਿੰਦੂ-ਸਿੱਖ ਦੀ ਨਾਯਾਬ ਸਾਂਝ - ਚਾਲਾਂ ਵਿੱਚ ਉਦੋਂ ਵੀ ਅੱਜ ਵਾਂਗੂੰ ਖੂਬ ਭੰਬਲਭੂਸਾ ਸੀ। ਉਸ ਸਿਆਸਤ ਦੀ ਚਾਲਬਾਜ਼ੀ ਸਮਝੋ ਕਿ ਕੱਟੜਤਾ ਵੰਡ ਕਿ ਕਿਵੇਂ ਇੱਕ ਜੰਗਜੂ ਕੌਮ ਨੂੰ ਲੜਾਈ ਵੱਲ ਧੱਕ ਦਿੱਤਾ, ਸਿਰਫ ਆਪਣੇ ਸਿਆਸੀ ਹਿੱਤਾਂ ਲਈ। ਮਰੇ ਕੌਣ ? ਸਾਡੇ। ਕਿਵੇਂ ਕੌਮਾਂਤਰੀ ਏਜੰਸੀਆਂ ਰੂਪੀ ਇੱਲਾਂ ਏਥੇ ਆ ਕੂਕੀਆਂ, ਗੱਲਾਂ ਖੋਜ ਵਾਲੀਆਂ ਨੇ। ਪਾਣੀਆਂ ਦੀ ਲੁੱਟ, ਡੈਮਾਂ ਦੇ ਕੰਟਰੋਲ, ਰਾਜਧਾਨੀ ਖੋਹ ਲੈਣੀ, ਦੁਨੀਆ ਦੇ ਮਿਸਾਲੀ ਧੱਕੇ ਹਨ। ਅਸੀਂ ਹਥਿਆਰਬੰਦ ਮੂਵਮੈਂਟ ਦੀ ਹਿੰਸਾ ਦੀ ਗੱਲ ਤਾਂ ਕਰਦੇ ਹਾਂ ਕਿ ਇਹ ਗ਼ਲਤ ਸੀ ਪਰ ਆਪਣੇ ਸਿਆਸੀ ਹਿੱਤਾਂ ਨੂੰ ਪੂਰਨ ਵਾਲ਼ੀ ਉਹ ਸਿਆਸਤ ਜਿਸ ਨੇ ਕਿਰਤੀਆਂ ਦੀ ਇਸ ਧਰਤੀ ਉੱਤੇ ਥੋਪੀ ਲੜਾਈ ਨੂੰ ਤਬਾਹੀ ਬਣਾਇਆ, ਉਹ ਬਰੀ ਕਿਵੇਂ ਹੋ ਜਾਊ ? ਜੇ ਕਿਸੇ ਨੇ ਕਿਸੇ ਨੂੰ ਮਾਰਿਆ ਤਾਂ ਸਰਕਾਰ ਨੇ ਉਸ ਨੂੰ ਮਾਰ ਦਿੱਤਾ ਜਾਂ ਫੜ੍ਹ ਲਿਆ ਪਰ ਅੰਗਹੀਣ ਜੁਆਕ ਸਮੇਤ ਟੱਬਰ ਨੂੰ ਸਾੜਨ ਦਾ ਹੁਕਮ ਦੇਣ ਵਾਲ਼ਾ ਸੈਣੀ ਕਿਵੇਂ ਬਚ ਗਿਆ ?
ਇਹ ਸਾਰਾ ਕੁਝ ਗੀਤ ਨਾਲ਼ ਨਹੀਂ ਪ੍ਰੀਤ ਨਾਲ਼ ਸਮਝਿਆ ਜਾ ਸਕਦੈ। ਸਮਾਂ ਦੇਓ , ਪੜ੍ਹੋ , ਨਿਚੋੜ ਕੱਢੋ ਤੇ ਫੇਰ ਸਮਝ ਬਣਾਓ। ਫੇਸਬੁੱਕ ਦੀ ਲੜਾਈ ਅਮੁੱਕ ਹੈ।
- ਮਿੰਟੂ ਗੁਰੂਸਰੀਆ
PUNJAB DE HAKKAN LAYI APNE SAREYA DI ZIMMEWARI BANDI AE ! CHAHE OH KOI V HOVE HINDU,SIKH,ISAI,MUSLIM !!