27/02/2022
ਜਿੰਨ੍ਹਾਂ ਮੇਰੇ ਅਰਗਿਆਂ ਨੂੰ ਇਹ ਨਹੀਂ ਪਤਾ ਕਿ ਪਿੰਡ ਦੇ ਸਿਵੇ ਕਿੰਨੇ ਮਰਲੇ 'ਚ ਨੇ ਉਹ ਵੀ ਯੂਕਰੇਨ-ਰਸ਼ੀਆ ਜੰਗ ਦਾ 'ਚੀਰ-ਫਾੜ' ਕਰ ਰਹੇ ਨੇ ਜਦਕਿ ਏਸੇ ਦਰਮਿਆਨ ਜਦੋਂ ਪੰਜਾਬ ਵਿਚ 'ਤਾਕਤਹੀਣ ਸਰਕਾਰ' ਅਤੇ ਚੋਣ ਜ਼ਾਬਤਾ ਚੱਲ ਰਿਹੈ ਠੀਕ ਓਸ ਵੇਲੇ ਸੰਘੀ ਢਾਂਚੇ (ਫੈਡਰਲਿਜ਼ਮ) ਦੀ ਵੈਰੀ ਬਣੀ ਕੇਂਦਰੀ ਹਕੂਮਤ ਨੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵਿਚੋਂ 1974 ਤੋਂ ਚੱਲਦੇ ਨਿਯਮ ਸੋਧ ਲਾਗੂ ਕਰਕੇ ਪੰਜਾਬ ਅਤੇ ਹਰਿਆਣਾ ਮੱਖਣ 'ਚੋਂ ਵਾਲ ਆਂਗੂੰ ਕੱਢ ਕੇ ਪਰ੍ਹੇ ਮਾਰੇ। ਇਹੀ ਨਹੀਂ ਚੰਡੀਗੜ੍ਹ ਵਿਚ ਪੰਜਾਬ-ਹਰਿਆਣੇ ਦੇ ਨਿਯੁਕਤੀ ਅਨੁਪਾਤ 60:40 ਨੂੰ ਮਿੱਦਣ ਲਈ PCS ਅਤੇ HCS ਦੀ ਥਾਂ ਕੇਂਦਰੀ ਕਾਡਰ ਦੇ ਅਫ਼ਸਰ ਨਿਯੁਕਤ ਕਰ ਦਿੱਤੇ । ਜਦੋਂ ਕਿਤੇ ਕਿਸਾਨ ਅੰਦੋਲਨ ਨੂੰ ਧਾਰਮਿਕ ਪੁੱਠ ਚੜ੍ਹਦੀ ਸੀ ਤਾਂ ਆਪਾਂ ਸਾਰੇ ਕਹਿੰਦੇ ਸਾਂ ਕਿ ਇਹ ਸਾਂਝਾ ਅੰਦੋਲਨ ਹੈ ਕੀ ਇਹ ਪੰਜਾਬ ਦੇ ਖੋਹੇ ਹੱਕ ਸਾਂਝੇ ਨਹੀਂ ਹੋ ਸਕਦੇ ? ਹਰਿਆਣੇ ਦੇ ਖੱਟੜ ਹੁਰੀਂ ਤਾਂ ਨਹੀਂ, ਹਰਿਆਣਵੀ ਤਾਂ ਇਸ 'ਤੇ ਬੋਲ ਸਕਦੇ ਨੇ ? ਸਾਰੇ ਪੰਜਾਬੀ ਇਕ ਸੁਰ ਵਿਚ ਕਿਉਂ ਨਹੀਂ ਬੋਲਦੇ ਜੇ ਸਾਡਾ ਪਿਆਰਾ ਪੰਜਾਬ ਸਾਡਾ ਸਭ ਦਾ ਸਾਂਝਾ ਹੈ ? ਸਾਡੀ ਲੀਡਰਸ਼ਿਪ ਕਿਸ ਭੋਰੇ ਪੈਗੀ ਏ ? ਮੈਂ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਕਰਾਂ ਤਾਂ ਮੇਰੇ ਹਮਸਾਏ ਕਹਿਣ ਲੱਗ ਪੈਂਦੇ ਨੇ ਤੂੰ ਕਦੇ-ਕਦੇ 'ਕਮਿਊਨਲ' ਹੋ ਜਾਨੈਂ, ਤੂੰ ਆਪਣੇ ਸਿੱਖਾਂ ਪ੍ਰਤੀ ਅਤਿ ਝੁਕਾਅਵਾਦੀ ਹੈ; ਨਹੀਂ ਯਾਰ ! ਮੈਂ ਸਭ ਦਾ ਤੇ ਸਭ ਮੇਰੇ ਨੇ ਪਰ ਇਸ ਸਾਂਝ ਦੀ ਮਾਲਾ ਵਿਚਲਾ ਧਾਗਾ ਪੰਜਾਬ ਹੈ ਤੇ ਜਦੋਂ ਉਸ ਧਾਗੇ 'ਤੇ ਵਾਰ ਹੁੰਦੈ ਤਾਂ ਰਿਹਾ ਨਹੀਂ ਜਾਂਦਾ, ਫੇਰ ਤੁਸੀਂ ਜੋ ਤਗਮਾ ਦੇਣੈ ਦੇਈ ਚੱਲੋ; ਸੱਚ ਇਹ ਹੈ ਕਿ ਇਹ ਇਕ ਖਿੱਤੇ ਨਾਲ਼ ਧੱਕੇ ਦੀ ਇੰਤਹਾ ਹੈ ਕਿ ਪਹਿਲਾਂ ਉਸ ਦੇ ਅਧਿਕਾਰ ਖੋਹੇ ਤੇ ਫੇਰ ਬਚੇ-ਖੁਚੇ ਹੱਕ-ਹਿੱਸੇ ਨੂੰ ਵੀ ਮੁਕਾ ਰਹੇ ਹੋ । ਇਹ ਇਕ ਸਾਜ਼ਸ਼ ਜਾਪਦੀ ਹੈ ਕਿ ਪਹਿਲਾਂ ਹੀ ਵਿਤਕਰੇ ਤੇ ਵਰਤਾਰਿਆਂ ਨੂੰ ਘੋਖਵੀਂ ਤੇ ਪਾਰਖੋ ਸੂਝ ਨਾਲ਼ ਵੇਖ ਰਹੀ ਪੰਜਾਬੀ ਨੌਜਵਾਨ-ਬਿਰਤੀ ਨੂੰ ਉਬਾਲ ਦੇ ਕੇ ਇਕ ਵਿਸ਼ੇਸ਼ ਭਾਈਚਾਰੇ ਨੂੰ ਕਤਾਰਬੰਦ ਕਰਕੇ ਸੱਤ੍ਹਾ-ਸੁਖ ਹਾਸਲ ਕਰਨ ਦੀ !!!!