02/10/2026
73ਵੀਂ ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਸ਼੍ਰੀ ਰਾਮ ਦਰਬਾਰ ਵਿਖੇ ਭੇਟ
(10 ਅਕਤੂਬਰ ਤੋਂ ਸ਼ੁਰੂ ਹੋਵੇਗੀ 73ਵੀਂ ਸ਼੍ਰੀ ਰਾਮ ਲੀਲਾ, 20 ਨੂੰ ਮਨਾਇਆ ਜਾਵੇਗਾ ਦੁਸ਼ਹਿਰਾ)
ਭੁਲੱਥ, 2 ਅਕਤੂਬਰ (ਧਵਨ)- ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਸਮਰਪਿਤ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟ੍ਰਿਕ ਕਲੱਬ ਭੁਲੱਥ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ 73ਵੀਂ ਸ਼੍ਰੀ ਰਾਮ ਲੀਲਾ ਅਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਸ਼੍ਰੀ ਰਾਮ ਦਰਬਾਰ, ਹਨੂਮਾਨ ਮੰਦਰ ਭੁਲੱਥ ਵਿਖੇ ਭੇਟ ਕੀਤਾ ਗਿਆ।
ਇਸ ਮੌਕੇ ਸਮੂਹ ਸੇਵਕਾਂ ਨੇ ਸਾਕੇਤਵਾਸੀ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸੰਤ ਲਕਸ਼ਮਣ ਦਾਸ ਜੀ ਤੋਂ ਇਲਾਕੇ ਵਿੱਚ ਸੱਦਾ ਪੱਤਰ ਵੰਡਣ ਅਤੇ ਸਮਾਰੋਹ ਸਬੰਧੀ ਪ੍ਰਬੰਧ ਸ਼ੁਰੂ ਕਰਨ ਦੀ ਆਗਿਆ ਲਈ।
ਕਲੱਬ ਦੇ ਸੇਵਕਾਂ ਨੇ ਦੱਸਿਆ ਕਿ ਇਸ ਵਾਰ ਸ਼੍ਰੀ ਰਾਮ ਲੀਲਾ 10 ਅਕਤੂਬਰ ਤੋਂ 19 ਅਕਤੂਬਰ ਤੱਕ ਹਰ ਰੋਜ਼ ਰਾਤ 8 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਖੇਡ ਮੈਦਾਨ ਵਿੱਚ ਕਰਵਾਈ ਜਾਵੇਗੀ, ਜਦਕਿ ਦੁਸ਼ਹਿਰਾ ਉਤਸਵ 20 ਅਕਤੂਬਰ ਨੂੰ ਇਸੇ ਖੇਡ ਮੈਦਾਨ ਵਿੱਚ ਮਨਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਵਧੀਆ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭੁਲੱਥ ਦੀ ਸ਼੍ਰੀ ਰਾਮ ਲੀਲਾ ਦੀ ਇਲਾਕੇ ਵਿੱਚ ਵਿਸ਼ੇਸ਼ ਮਹਾਨਤਾ ਅਤੇ ਮਾਨਤਾ ਹੈ ਅਤੇ ਹਰ ਸਾਲ ਪਾਤਰਾਂ ਵੱਲੋਂ ਧਾਰਮਿਕ ਭਾਵਨਾ ਨਾਲ ਆਪਣੀਆਂ ਭੂਮਿਕਾਵਾਂ ਨਿਭਾਈਆਂ ਜਾਂਦੀਆਂ ਹਨ। ਕਲੱਬ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਸ਼੍ਰੀ ਰਾਮ ਲੀਲਾ ਅਤੇ ਦੁਸ਼ਹਿਰਾ ਉਤਸਵ ਵਿੱਚ ਸ਼ਾਮਲ ਹੋ ਕੇ ਸਮਾਰੋਹ ਦੀ ਸ਼ੋਭਾ ਵਧਾਉਣ।
ਇਸ ਮੌਕੇ ਮਾ. ਕੰਵਲਜੀਤ ਮੰਨਣ, ਸ਼ਾਮ ਲਾਲ ਸ਼ਰਮਾ, ਕੌਂਸਲਰ ਲਕਸ਼ ਚੋਧਰੀ, ਕੌਂਸਲਰ ਲਵ ਚੋਧਰੀ, ਰਮੇਸ਼ ਚੰਦਰ ਸ਼ਰਮਾ, ਵਿਪਨ ਕੁਮਾਰ ਸੇਠੀ, ਪ੍ਰਬੋਧ ਪਾਸੀ, ਸੁਦੇਸ਼ ਦੱਤਾ, ਜਤਿੰਦਰ ਘਈ, ਅਨਿਲ ਦੱਤਾ, ਠਾਕੁਰ ਨਰਾਇਣ, ਰਾਮ ਰਤਨ ਸ਼ਰਮਾ, ਲਵ ਸਿੰਘ ਸਮੇਤ ਹੋਰ ਸੇਵਕ ਹਾਜ਼ਰ ਸਨ।
ਕੈਪਸ਼ਨ: ਸ਼੍ਰੀ ਰਾਮ ਲੀਲਾ ਤੇ ਦੁਸ਼ਹਿਰਾ ਸਮਾਰੋਹ ਦਾ ਪਹਿਲਾ ਸੱਦਾ ਪੱਤਰ ਭੇਟ ਕਰਦੇ ਹੋਏ ਕਲੱਬ ਦੇ ਮੈਂਬਰ।