25/10/2025
ਦੋ ਸਾਲ ਪਹਿਲਾਂ ਬੱਬਰ ਅਕਾਲੀ ਸ਼ਹੀਦ ਧੰਨਾ ਸਿੰਘ ਬਹਿਬਲਪੁਰ ਜੀ ਦੀ ਸੌ ਸਾਲਾ ਸ਼ਹਾਦਤ ਦਿਨ 'ਤੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਲੇਖ
25 ਅਕਤੂਬਰ 2023
ਸ਼ਹੀਦੀ ਦੇ ਸੌ ਵਰ੍ਹੇ
ਸ਼ਹੀਦ ਬੱਬਰ ਅਕਾਲੀ ਧੰਨਾ ਸਿੰਘ ਬਹਿਬਲਪੁਰ
-ਸੀਤਾ ਰਾਮ ਬਾਂਸਲ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ’ਤੇ ਕਾਬਜ਼ ਹੁੰਦਿਆਂ ਸਾਰ ਅੰਗਰੇਜ਼ਾਂ ਨੇ ਪੰਜਾਬੀਆਂ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮਸਲਿਆਂ ਵਿੱਚ ਸਿੱਧਾ ਦਖਲ ਦੇਣਾ ਸ਼ੁਰੂ ਕਰ ਦਿੱਤਾ ਜਿਸਨੂੰ ਅਕਾਲੀਆਂ ਦੇ ਗਰਮ ਖਿਆਲੀ ਨੇਤਾ ਬਰਦਾਸ਼ਤ ਨਾ ਕਰ ਸਕੇ ਅਤੇ ਉਹਨਾਂ ਨੇ ਬੱਬਰ ਅਕਾਲੀ ਜਥਾ ਬਣਾ ਕੇ ਝੋਲੀ ਚੁੱਕਾਂ ਦਾ ਸੁਧਾਰ ਕਰਨਾ ਸ਼ੁਰੂ ਕੀਤਾ।ਬੱਬਰ ਅਕਾਲੀਆਂ ਨੇ ਪੰਜਾਬ ਵਿੱਚ ਸਿੱਖਰਾਜ ਅਤੇ ਹਿੰਦੋਸਤਾਨ ਵਿੱਚ ਸਵਰਾਜ ਕਾਇਮ ਕਰਨ ਲਈ ਸੰਘਰਸ਼ ਕੀਤਾ ਸੀ।
ਬੱਬਰ ਧੰਨਾ ਸਿੰਘ ਦਾ ਜਨਮ ਸੰਨ 1891 ਵਿੱਚ ਮਾਤਾ ਅੱਛਰੋ ਦੀ ਕੁੱਖੋਂ ਇੰਦਰ ਸਿੰਘ ਨਾਗਰਾ ਦੇ ਘਰ ਪਿੰਡ ਬਹਿਬਲਪੁਰ ਜ਼ਿਲਾ ਹੁਸ਼ਿਆਰਪੁਰ ਵਿੱਚ ਹੋਇਆ। ਉਸਨੂੰ ਜਵਾਨੀ ਵਿੱਚ ਭਾਰ ਚੁਕੱਣ ਦਾ ਸ਼ੋਕ ਹੋਣ ਕਰ ਕੇ ਉਸਦਾ ਸਰੀਰ ਬਹੁਤ ਸੁਡੌਲ ਬਣ ਗਿਆ ਸੀ।ਅਕਾਲੀ ਲਹਿਰ ’ਤੇ ਧੱਕੇਸ਼ਾਹੀ ਨੇ ਉਸਨੂੰ ਅੰਗਰੇਜ਼ ਸਰਕਾਰ ਦਾ ਪੱਕਾ ਦੁਸ਼ਮਣ ਬਣਾ ਦਿੱਤਾ।ਦਲੀਲ ਤੇ ਵਿਦਵਤਾ ਵਿੱਚ ਉਹ ਬੱਬਰ ਅਕਾਲੀ ਆਗੂਆਂ ਨੂੰ ਕੀਲ ਲੈਂਦਾ ਸੀ ਜਿਸ ਕਰਕੇ ਉਸਦੀ ਹਰ ਮਤੇ ਵਿੱਚ ਸਲਾਹ ਲਈ ਜਾਂਦੀ ਸੀ।ਉਸਦੀ ਸ਼ਮੂਲੀਅਤ ਇਸ ਹਥਿਆਰਬੰਦ ਲਹਿਰ ਵਿੱਚ ਸਰਬਵਿਆਪਕ ਸੀ। ਸਾਰੀਆਂ ਮੀਟਿੰਗਾਂ, ਮਾਇਆ, ਬਸਤਰਾਂ, ਹਥਿਆਰਾਂ, ਅਖਬਾਰ ਦੀ ਛਪਾਈ ਤੇ ਵੰਡਾਈ, ਦੀਵਾਨਾ ਵਿੱਚ ਸਰਕਾਰ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਕੇ ਬਗਾਵਤ ਲਈ ਪ੍ਰੇਰਿਤ ਕਰਨਾ, ਹਿਮਾਚਲ ਪ੍ਰਦੇਸ਼ ਵਿਚਲੀਆਂ ਰਿਆਸਤਾਂ ਵਿੱਚੋਂ ਰਿਵਾਲਵਰ ਤੇ ਗੋਲੀ ਸਿੱਕਾ ਖ੍ਰੀਦ ਕੇ ਲਿਆਉਣ ਅਤੇ ਸਾਥੀਆਂ ਲਈ ਠਾਹਰਾਂ ਦੇ ਪ੍ਰਬੰਧ ਦੀ ਯੋਜਨਾਬੰਦੀ ਵਿੱਚ ਬੱਬਰ ਧੰਨਾ ਸਿੰਘ ਦੀ ਕਮਾਲ ਦੀ ਪਕੜ ਸੀ।
ਝੋਲੀਚੁਕਾਂ ਨੂੰ ਚੇਤਾਵਨੀ ਭਰੇ ਕੰਧ ਪਰਚੇ ਹੋਣ ਜਾਂ ਉਨ੍ਹਾਂ ਦੇ ਕਤਲ ਦੀ ਜੁੰਮੇਵਾਰੀ ਲਈ ਬੱਬਰ ਅਕਾਲੀ ਦੋਆਬਾ ਅਖਬਾਰ ਵਿੱਚ ਨਾਮ ਛਾਪਣੇ ਹੋਣ ਜਾਂ ਸਰਕਾਰ ਨੂੰ ਚਿੱਠੀਆਂ ਰਾਹੀਂ ਸੁਧਾਰ/ਕਤਲ ਕਰਨ ਵਾਲਿਆਂ ਦੇ ਨਾਮ ਭੇਜੇ ਉਨ੍ਹਾਂ ਵਿੱਚ ਜਥੇਦਾਰ ਬੱਬਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਧੰਨਾ ਸਿੰਘ ਦੇ ਨਾਮ ਜਰੂਰ ਛਾਪੇ ਜਾਂਦੇ ਸਨ।
ਝੋਲੀ ਚੁੱਕਾਂ ਦੇ ਸੁਧਾਰਾਂ ਵਿੱਚ ਆਪਣੇ ਸਾਥੀਆਂ ਨਾਲ ਬੱਬਰ ਧੰਨਾ ਸਿੰਘ ਬਹਿਬਲਪੁਰ ਨੇ ਅਰਜਨ ਸਿੰਘ ਪਟਵਾਰੀ ਹਰੀਪੁਰ ਦੇ ਕਤਲ ਦੀਆਂ ਕੋਸ਼ਿਸ਼ਾਂ ਵਿੱਚ ਹਿੱਸਾ ਲਿਆ।ਬੱਬਰ ਬਾਬੂ ਸੰਤਾ ਸਿੰਘ ਨੇ ਜ਼ੈਲਦਾਰ ਬਿਸ਼ਨ ਸਿੰਘ ਰਾਣੀ ਥੂਆ ਦਾ ਕਤਲ ਕੀਤਾ ਤਾਂ ਘੰਟਾ ਕੁ ਪਹਿਲਾਂ ਉਹ ਹੋਰ ਬੱਬਰ ਸਾਥੀਆਂ ਸਮੇਤ ਇਸ ਜੈਲਦਾਰ ਦਾ ਕਤਲ ਕਰਨ ਆਏ ਸਨ ਪਰ ਉਹ ਉਨ੍ਹਾਂ ਨੂੰ ਟੱਕਰਿਆ ਨਹੀਂ ਸੀ।ਬੂਟਾ ਲੰਬੜਦਾਰ ਨੰਗਲ ਸ਼ਾਮਾ ਨੂੰ ਪਹਿਲੀ ਗੋਲੀ ਧੰਨਾ ਸਿੰਘ ਨੇ ਮਾਰੀ ਸੀ।ਬੱਬਰ ਕਿਸ਼ਨ ਸਿੰਘ ਗੜਗੱਜ ਨੂੰ ਗ੍ਰਿਫ਼ਤਾਰ ਕਰਾਉਣ ਵਾਲੇ ਝੋਲੀ ਚੁੱਕ ਲਾਭ ਸਿੰਘ ਢੱਡਾ ਫਤਿਹ ਸਿੰਘ ਦੇ ਕਤਲ ਦੀਆਂ ਤਿੰਨ ਕੋਸ਼ਿਸ਼ਾਂ ਵਿੱਚ ਹਿੱਸਾ ਲਿਆ।ਬੱਬਰ ਅਕਾਲੀਆਂ ਦੀ ਮੁਖਬਰੀ ਕਰਨ ਵਾਲੇ ਮਿਸਤਰੀ ਲਾਭ ਸਿੰਘ ਗੜ੍ਹਸ਼ੰਕਰ ਨੂੰ ਕਤਲ ਕੀਤਾ।
ਸਰਕਾਰੀ ਇਨਾਮ ਹਾਸਲ ਕਰਨ ਦੇ ਲਾਲਚ ਵਿੱਚ ਬਹਿਬਲਪੁਰ ਪਿੰਡ ਦੇ ਸਫੈਦਪੋਸ਼ ਹਜ਼ਾਰਾ ਸਿੰਘ ਬਹਿਬਲਪੁਰ ਨੇ ਅਕਾਲੀ ਜਥੇਦਾਰ ਧੰਨਾ ਸਿੰਘ ਦੇ ਵਾਰੰਟ ਕਢਵਾਏ ਹੋਏ ਸਨ। ਧੰਨਾ ਸਿੰਘ ਹੁਰਾਂ ਦੀ ਸਾਂਝੀ ਹਵੇਲੀ ਵਿੱਚ ਸਰਕਾਰ ਨੇ ਪੁਲਿਸ ਚੌਂਕੀ ਬਣਾ ਦਿੱਤੀ ਸੀ ਜਿਸਦਾ ਸਾਰਾ ਖਰਚਾ ਪਿੰਡ ਵਾਲਿਆਂ ਤੇ ਪਾਇਆ ਸੀ।ਧੰਨਾ ਸਿੰਘ ਨੇ ਕਰਤਾਰ ਸਿੰਘ ਬੂੜੋਬਾੜੀਆਂ (ਮਗਰੋਂ ਵਾਅਦਾ ਮੁਆਫ) ਅਤੇ ਜਵਾਲਾ ਸਿੰਘ ਜਿਆਣ ਰਾਹੀਂ ਮਾਹਿਲਪੁਰ ਦੇ ਥਾਣੇਦਾਰ ਤੱਕ ਵਰੰਟ ਮਨਸੂਖ ਕਰਾਉਣ ਲਈ ਪਹੁੰਚ ਕੀਤੀ ਸੀ ਪਰ ਪੁਲਿਸ ਅਤੇ ਸੀ ਆਈ ਡੀ ਵੱਲੋਂ ਬੱਬਰ ਕਿਸ਼ਨ ਸਿੰਘ ਗੜਗੱਜ ਅਤੇ ਮੁੱਖ ਬੱਬਰ ਆਗੂਆਂ ਨੂੰ ਗ੍ਰਿਫਤਾਰ ਕਰਾਉਣ ਦੀਆਂ ਸ਼ਰਤਾਂ ਨਾਮਨਜੂਰ ਕਰਦਿਆਂ ਉਹ ਚੱਕਰਵਰਤੀ ਬੱਬਰ ਅਕਾਲੀ ਜੱਥੇ ਵਿੱਚ ਸ਼ਾਮਲ ਹੋ ਗਿਆ ਸੀ ਤੇ ਫਿਰ ਆਪਣਾ ਆਪ ਦੇਸ਼ ਤੋਂ ਵਾਰ ਦਿੱਤਾ।
ਹਜਾਰਾ ਸਿੰਘ ਦੀ ਇਸ ਹਰਕਤ ਨੇ ਧੰਨਾ ਸਿੰਘ ਨੂੰ ਲਗਾਤਾਰ ਇੱਕ ਸਾਲ ਪਿੰਡ ਨਹੀਂ ਵੜਣ ਦਿੱਤਾ ਜਿਸ ਕਰਕੇ ਜਥੇਦਾਰ ਕਰਮ ਸਿੰਘ ਦੌਲਤਪੁਰ ਅਤੇ ਬੱਬਰ ਬਾਬੂ ਸੰਤਾ ਸਿੰਘ ਨੂੰ ਨਾਲ ਲਿਜਾ ਕੇ ਹਜ਼ਾਰਾ ਸਿੰਘ ਨੂੰ ਸ਼ਰੇਆਮ 27 ਮਾਰਚ 1923 ਦਿਨ ਵੇਲੇ ਉਸਦੀ ਆਪਣੀ ਹਵੇਲੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।ਮਰਨ ਤੋਂ ਪਹਿਲਾਂ ਡਰਦਿਆਂ ਹਜ਼ਾਰਾ ਸਿੰਘ ਨੇ ਕਿਹਾ ਸੀ: ‘ਧੰਨਾ ਸਿਹਾਂ ਮੈਨੂੰ ਮਾਰੀਂ ਨਾ’। ਧੰਨਾ ਸਿੰਘ ਨੇ ਕਿਹਾ ਸੀ: ਤੈਨੂੰ ਕਿਉਂ ਨਾ ਮਾਰਾਂ? ਤੂੰ ਮੈਨੂੰ ਪਿਛਲੇ ਇਕ ਸਾਲ ਤੋਂ ਘਰੋਂ ਬੇਘਰ ਕਰਕੇ ਪਿੰਡੋਂ ਬਾਹਰ ਕੱਢਿਆ ਹੋਇਆ ਐ’। ਜਾਣ ਲੱਗਿਆਂ ਧੰਨਾ ਸਿੰਘ ਨੇ ਉਚੀ ਆਵਾਜ਼ ਵਿੱਚ ਤਿੰਨ ਵਾਰ ਕਿਹਾ- ਹਜ਼ਾਰਾ ਸਿੰਹੁ ਨੂੰ ਮੈਂ ਮਾਰਿਆ ਹੈ।ਇਸ ਕਰਕੇ ਕਿਸੇ ਹੋਰ ’ਤੇ ਇਸਦੇ ਕਤਲ ਦਾ ਇਲਜ਼ਾਮ ਨਾ ਲਾਇਆ ਜਾਵੇ।
ਬੱਬਰ ਅਕਾਲੀ ਸਾਜਿਸ਼ ਮੁਕੱਦਮਾ ਨੰਬਰ ਦੋ ਵਿੱਚ ਹਜਾਰਾ ਸਿੰਘ ਦੇ ਕਤਲ ਬਾਰੇ ਬਹਿਬਲਪੁਰ ਦੇ ਨੌਂ ਜਣਿਆਂ ਨੇ ਬਤੌਰ ਇਸ ਕਤਲ ਦੇ ਚਸ਼ਮਦੀਦ ਗਵਾਹ ਗਵਾਹੀਆਂ ਦਿੱਤੀਆਂ ਸਨ।
ਪੰਡੋਰੀ ਨਿੱਜਰਾਂ ਦੇ ਝੋਲੀ ਚੁੱਕ ਲੰਬੜਦਾਰ ਅਤੇ ਚੌਂਕੀਦਾਰ ਨੂੰ ਸੁਧਾਰਨ ਲਈ ਹਿੱਸਾ ਲਿਆ।ਕੌਲਗੜ੍ਹ ਤਹਿਸੀਲ ਬਲਾਚੌਰ ਦੇ ਦੋ ਲੰਬੜਦਾਰ ਭਰਾਵਾਂ ਰਲਾ ਤੇ ਦਿੱਤੂ ਨੂੰ ਕਤਲ ਕਰਨ ਸਮੇਂ ਬੱਬਰ ਧੰਨਾ ਸਿੰਘ ਅੱਗੇ ਹੋ ਕੇ ਹਿੱਸਾ ਲੈਣ ਵਾਲੇ ਬੱਬਰਾਂ ਵਿੱਚਂ ਇਕ ਸੀ।
ਧੰਨਾ ਸਿੰਘ ਦਾ ਵਿਆਹ ਹੁਸ਼ਿਆਰਪੁਰ ਜ਼ਿਲੇ ਦੇ ਕਸਬੇ ਸੈਲਾ ਖੁਰਦ ਨੇੜਲੇ ਪਿੰਡ ਬੀੜ੍ਹਾਂ ਵਿੱਚ ਨਰਾਇਣ ਸਿੰਘ ਭੱਟੀ ਦੀ ਬੇਟੀ ਮਹਾਂ ਕੌਰ ਨਾਲ ਹੋਇਆ ਸੀ।ਵੱਡੇ ਪੁੱਤਰ ਮੋਹਣ ਸਿੰਘ ਦੀ 40 ਸਾਲ ਉਮਰ ਵਿੱਚ ਟਾਈਫਾਈਡ ਨਾਲ਼ ਮੌਤ ਹੋ ਗਈ ਸੀ।ਉਹ ਅਣਵਿਆਹਿਆ ਸੀ। ਬੇਟੀ ਸਵਰਨ ਕੌਰ ਸੀ ਅਤੇ ਬਖਸ਼ੀਸ ਸਿੰਘ ਨਾਗਰਾ ਦੀ ਪਿਤਾ ਦੀ ਸ਼ਹੀਦੀ ਵਾਲੇ ਦਿਨ ਉਮਰ ਪੌਣੇ ਤਿੰਨ ਸਾਲ ਸੀ ਜਿਸਨੂੰ ਉਸਦੇ ਪਿਤਾ ਦੇ ਤਾਏ ਸੁੰਦਰ ਸਿੰਘ ਨੇ ਪਾਲਿਆ ਤੇ ਪੜ੍ਹਾਇਆ।
ਕੌਂਮਾਂਤਰੀ ਗੱਦਾਰ ਬੇਲਾ ਸਿੰਘ ਜਿਆਣ ਨੇ ਆਪਣੇ ਛੋਟੇ ਭਰਾ ਜਵਾਲਾ ਸਿੰਘ ਨੂੰ ਬੱਬਰਾਂ ਮਗਰ ਲਾ ਦਿੱਤਾ ਤਾਂਕਿ ਉਹ ਉਹਨਾਂ ਨੂੰ ਆਪਣੇ ਜਾਲ਼ ਵਿੱਚ ਫਸਾ ਕੇ ਸਰਕਾਰੀ ਇਨਾਮ ਲੈ ਸਕੇ।ਗਦਰੀ ਸੂਰਮਿਆਂ ਨਾਲ ਗਦਾਰੀ ਕਰਨ ਬਦਲੇ ਬੇਲਾ ਸਿੰਘ ਨੂੰ ਸਰਕਾਰ ਨੇ ਮੀਆਂ ਚੰਨੂ ਚੱਕ ਨੰਬਰ 96 ਜਿਲ੍ਹਾ ਮੁਲਤਾਨ ਵਿੱਚ ਛੇ ਮੁਰੱਬੇ (150 ਏਕੜ) ਜਮੀਨ ਇਨਾਮ ਦਿੱਤੀ ਸੀ।ਜਵਾਲਾ ਸਿੰਘ ਜਿਆਣ ਨੇ ਪ੍ਰਮੁੱਖ ਬੱਬਰ ਅਕਾਲੀ ਆਗੂਆਂ ਨੂੰ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਸੰਤ ਹਰੀ ਸਿੰਘ ਜਿਆਣ ਵਾਲਿਆਂ ਤੋਂ ਅਰਦਾਸਾ ਕਰਵਾ ਕੇ ਗੁਰੁ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਹੁੰ ਖਾਧੀ ਸੀ ਕਿ ਉਹ ਬੱਬਰ ਅਕਾਲੀਆਂ ਦੀ ਸੇਵਾ ਕਰੇਗਾ ਅਤੇ ਆਪਣੇ ਭਰਾ ਸਿਰ ਲੱਗੇ ਕਲੰਕ ਨੂੰ ਧੋਵੇਗਾ। ਦਰਅਸਲ ਇਹ ਇਸ ਨੀਚ ਦਾ ਛਲਾਵਾ ਸੀ ਜਿਸ ਵਿੱਚ ਦਲੀਪਾ ਸਿੰਘ ਤੇ ਧੰਨਾ ਸਿੰਘ ਇਤਬਾਰ ਕਰਕੇ ਫਸ ਗਏ।
ਕਰਤਾਰ ਸਿੰਘ ਬੂੜੋਬਾੜੀਆਂ, ਬੇਲਾ ਸਿੰਘ ਜਿਆਣ ਤੇ ਜਵਾਲਾ ਸਿੰਘ ਜਿਆਣ ਮਾਮੇ-ਭੂਆ ਦੇ ਪੁੱਤ ਭਰਾ ਸਨ। ਕਰਮ ਸਿੰਘ ਮੰਨਣਹਾਣਾ ਇਸੇ ਕਰਤਾਰ ਸਿੰਘ ਦਾ ਸਾਲਾ ਸੀ। ਇਨ੍ਹਾਂ ਨੇ ਰਲ਼ ਕੇ ਦਲੀਪਾ ਸਿੰਘ ਧਾਮੀਆਂ ਅਤੇ ਧੰਨਾ ਸਿੰਘ ਬੱਬਰ ਨੂੰ ਗ੍ਰਿਫਤਾਰ ਕਰਾਉਣ ਦੀ ਸਕੀਮ ਘੜ੍ਹੀ ਸੀ।ਪਹਿਲਾਂ ਤਾਂ ਜਵਾਲਾ ਸਿੰਘ ਧੰਨਾ ਸਿੰਘ ਦੀ ਇਜਾਜਤ ਨਾਲ਼ ਦਲੀਪੇ ਨੂੰ ਪੁਲਿਸ ਤੋਂ ਬਚਾਉਣ ਦਾ ਬਹਾਨਾ ਬਣਾ ਕੇ ਮੀਆਂ ਚੰਨੂੰ ਲੈ ਜਾ ਕੇ ਗ੍ਰਿਫਤਾਰ ਕਰਵਾ ਕੇ ਵਾਪਸ ਆ ਗਿਆ। ਧੰਨਾ ਸਿੰਘ ਉਸਨੂੰ ਮਿਲਣ ਜਿਆਣ ਆਇਆ ਤਾਂ ਉਸਨੂੰ ਕਮਾਦ ਦੇ ਖੇਤ ਵਿਚ ਬਿਠਾ ਕੇ ਮਾਹਿਲਪੁਰ ਦੇ ਥਾਣੇਦਾਰ ਨੂੰ ਲੈ ਕੇ ਹੁਸ਼ਿਆਰਪੁਰ ਪੁਲਿਸ ਕਪਤਾਨ ਹੌਰਟਨ ਨੂੰ ਜਾ ਮਿਲਿਆ। ਹੌਰਟਨ ਨੇ ਸਲਾਹ ਦਿੱਤੀ ਕਿ ਉਹ ਧੰਨਾ ਸਿੰਘ ਨੂੰ ਕੱਲ੍ਹ ਨੂੰ ਮੰਨਣਹਾਣੇ ਕਰਮ ਸਿੰਘ ਦੀ ਹਵੇਲੀ ਲੈ ਕੇ ਚਲਿਆ ਜਾਵੇ । 24 ਅਕਤੂਬਰ 1923 ਦੀ ਰਾਤ ਨੂੰ ਜਵਾਲਾ ਸਿੰਘ ਅਤੇ ਕਰਮ ਸਿੰਘ ਧੰਨਾ ਸਿੰਘ ਲਾਗੇ ਮੰਜਿਆਂ ਤੇ ਸੌਂ ਗਏ।ਹੌਰਟਨ 40 ਘੋੜ ਸਵਾਰ ਅਤੇ ਪੁਲਸੀਆਂ ਦੀ ਪਾਰਟੀ ਨਾਲ਼ ਕਰਮ ਸਿੰਘ ਦੀ ਹਵੇਲੀ ਅੰਦਰ ਪਹੁੰਚ ਗਿਆ। ਉਸੇ ਸਮੇਂ ਧੰਨਾ ਸਿੰਘ ਕੋਲੋਂ ਦੋਵੇਂ ਜਣੇ ਉਠ ਕੇ ਭੱਜ ਗਏ।ਧੰਨਾ ਸਿੰਘ ਨੂੰ ਭੱਜਣ ਲੱਗੇ ਨੂੰ ਕਿੱਲੇ ਵਿੱਚ ਵੱਜ ਕੇ ਡਿੱਗੇ ਨੂੰ ਪੁਲਸੀਆਂ ਨੇ ਦਬੋਚ ਕੇ ਕੱਥਕੜੀ ਲਾ ਲਈ। ਉਸਨੇ ਕੂਹਣੀ ਦਾ ਝਟਕਾ ਮਾਰ ਕੇ ਸੱਜੀ ਬਾਂਹ ਥੱਲੇ ਲੁਕੋਏ ਬੰਬ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਜਿਆਦਾ ਪੁਲਸੀਆਂ ਵੱਲੋਂ ਬਾਹਾਂ ਫੜੀਆਂ ਹੋਣ ਕਰਕੇ ਅਸਫਲ ਰਿਹਾ। ਸੱਜੀ ਬਾਂਹ ਹੇਠਾਂ ਬੰਨ੍ਹੇ ਮਿਲਜ ਬੰਬ ਦੀ ਪਿੰਨ ਨਾਲ਼ ਛੱਲਾ ਪਾ ਕੇ ਉਸ ਨਾਲ ਰੇਸ਼ਮ ਦੀ ਮੋਟੀ ਡੋਰ ਗੁੱਟ ਤੱਕ ਧਾਗਾ ਬੰਨ੍ਹ ਕੇ ਉਸਦੇ ਮੂਹਰੇ ਛੱਲਾ ਬੰਨਿ੍ਹਆਂ ਹੋਇਆ ਸੀ। ਮੌਕਾ ਮਿਲਦਿਆਂ ਧੰਨਾ ਸਿੰਘ ਨੇ ਝਟਕੇ ਨਾਲ਼ ਛੱਲੇ ਨੂੰ ਜੋਰ ਨਾਲ਼ ਖਿੱਚਿਆ ਤਾਂ ਬੰਬ ਧਮਾਕਾ ਹੁੰਦਿਆਂ ਧੰਨਾ ਸਿੰਘ ਨਾਲ਼ ਪੰਜ ਪੁਲਸੀਆਂ ਦੇ ਤੂੰਬੇ-ਤੂੰਬੇ ਉੱਡ ਗਏ।ਹੌਰਟਨ ਦੀਆਂ ਦੋਵੇਂ ਲੱਤਾਂ ਉੱਡ ਚੁੱਕੀਆਂ ਸਨ।ਲਾਸ਼ਾਂ ਅਤੇ ਜਖਮੀਆਂ ਨੂ ਗੱਡਿਆਂ ਤੇ ਲੱਦ ਕੇ ਪੁਲਿਸ ਪਾਰਟੀ ਮਾਹਿਲਪੁਰ ਪਹੁੰਚ ਗਈ। ਇਕ ਸਿਪਾਹੀ ਮਾਹਿਲਪੁਰ ਡਿਸਪੈਂਸਰੀ ਵਿਚ ਮਰ ਗਿਆ।
ਧੰਨਾ ਸਿੰਘ ਦਾ ਸੰਸਕਾਰ ਮਾਹਿਲਪੁਰ ਥਾਣੇ ਸਾਹਮਣੇ ਸਫੈਦਪੋਸ਼ ਨਰੈਣ ਸਿੰਘ ਵੱਲੋਂ ਆਪਣੀ ਜਮੀਨ ਵਿੱਚ ਕਰਨ ਦਿੱਤਾ ਸੀ। ਪੁਲਿਸ ਨੇ ਸੁਨੇਹਾ ਭੇਜ ਕੇ ਧੰਨਾ ਸਿੰਘ ਦੇ ਪਰਿਵਾਰ ਨੂੰ ਬੁਲਾ ਲਿਆ ਸੀ ਤੇ ਸਮਾਨ ਉਨ੍ਹਾਂ ਨੂੰ ਦੇ ਦਿੱਤਾ। ਸੰਸਕਾਰ ਤੋਂ ਬਾਅਦ ਬੰਬ ਦੇ ਚਾਰ ਟੁਕੜੇ ਸਿਵੇ ਦੀ ਰਾਖ ਵਿੱਚੋਂ ਮਿਲੇ ਸਨ।
ਸਹਾਇਕ ਪੁਲਿਸ ਕਪਤਾਨ ਜੈਨਕਿਨ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਸਨ। ਮਿਲਟਰੀ ਹਸਪਤਾਲ ਜਲੰਧਰ ਵਿੱਚ ਹੌਰਟਨ, ਜੈਨਕਿਨ ਅਤੇ ਗੁਲਜਾਰਾ ਸਿੰਘ ਥਾਣੇਦਾਰ ਦਾ ਇਲਾਜ ਹੋਇਆ ਸੀ। ਹੌਰਟਨ ਇਕ ਰਾਤ ਨੂੰ ਰੌਲਾ ਪਾਉਣ ਲੱਗ ਪਿਆ ਕਿ ਧੰਨਾ ਸਿੰਘ ਆ ਗਿਆ, ਹੌਰਟਨ ਸਿਰ ਭਾਰ ਮੰਜੇ ਤੋਂ ਡਿਗਦਿਆਂ ਮਰ ਗਿਆ।ਇਸਤੋਂ ਥੋੜ੍ਹੇ ਕੁ ਦਿਨਾਂ ਬਾਅਦ ਗੁਲਜਾਰਾ ਸਿੰਘ ਵੀ ਮਰ ਗਿਆ। ਜੈਨਕਿਨ ਪੁਲਿਸ ਦੇ ਵੱਡੇ ਅਹੁਦੇ ਤੋਂ ਰਿਟਾਇਰ ਹੋ ਕੇ ਵਿਲਾਇਤ ਚਲਾ ਗਿਆ ਸੀ।
ਧੰਨਾ ਸਿੰਘ ਨੂੰ ਇਹ ਬੰਬ ਬੱਬਰ ਛੱਜਾ ਸਿੰਘ ਚਾਨਸੂ ਨੇ ਦਿੱਤਾ ਸੀ ਜੋ ਉਸਨੇ ਫੌਜ ਵਿੱਚੋਂ ਚੋਰੀ ਕਰਕੇ ਲਿਆਂਦਾ ਸੀ।ਛੱਜਾ ਸਿੰਘ ਨੂੰ ਇਸ ਬਦਲੇ ਸਜਾ ਮਿਲੀ ਸੀ।
ਧੰਨਾ ਸਿੰਘ ਦੇ ਤਾਏ ਦੇ ਪੁੱਤ ਦਲੀਪ ਸਿੰਘ ਨੂੰ ਜਵਾਲਾ ਸਿੰਘ ਜਿਆਣ ਨੇ ਮੀਆਂ ਚੰਨੂੰ ਵਾਲੀ ਆਪਣੇ ਭਰਾ ਵਾਲੀ ਜਮੀਨ ਠੇਕੇ ਤੇ ਦਿੱਤੀ ਹੋਈ ਸੀ। ਉਸਨੇ ਯਕੀਨ ਦੁਆਇਆ ਹੋਇਆ ਸੀ ਕਿ ਇਹ ਕਾਰਾ ਕਰਮ ਸਿੰਘ ਨੇ ਕਰਾਇਆ ਸੀ। ਦਲੀਪ ਸਿੰਘ ਨੇ ਪਿਸਤੌਲ ਖਰੀਦ ਲਿਆ। ਇਕ ਦਿਨ ਜਵਾਲਾ ਸਿੰਘ ਨੂੰ ਕਹਿੰਦਾ ਮੇਰੇ ਨਾਲ ਮੁਲਤਾਨ ਚੱਲ। ਉਹ ਜਦੋਂ ਚੱਲਣ ਲੱਗੇ ਤਾਂ ਦਲੀਪ ਸਿੰਘ ਨੇ ਬਹਾਨੇ ਨਾਲ ਕਿਹਾ ਆਪਣਾ ਰਿਵਾਲਵਰ ਦਿਖਾਈਂ।ਰਿਵਾਲਵਰ ਲੈ ਲਿਆ ਤਾਂ ਆਪਣੇ ਪਿਸਤੌਲ ਨਾਲ ਜਵਾਲਾ ਸਿੰਘ ਤੇ ਫਾਇਰਿੰਗ ਕਰ ਦਿੱਤੀ। ਨਿਸ਼ਾਨੇਬਾਜ਼ੀ ਵਿੱਚ ਪੂਰੀ ਤਰ੍ਹਾਂ ਮਾਹਿਰ ਨਾਂ ਹੋਣ ਕਰਕੇ ਅਸਫਲ ਰਿਹਾ।ਬਾਅਦ ਵਿੱਚ ਮੁਲਤਾਨ ਮੁਕੱਦਮਾ ਚੱਲਿਆ, ਦੋ ਮੌਕੇ ਦੇ ਗਵਾਹਾਂ ਦੇ ਮੁੱਕਰ ਜਾਣ ਕਰਕੇ ਜੱਜ ਨੇ ਦਲੀਪ ਸਿੰਘ ਨੂੰ ਬਰੀ ਕਰ ਦਿੱਤਾ ਸੀ।
ਫਰਵਰੀ 1937 ਵਿੱਚ ਬੇਟੀ ਸਵਰਨ ਕੌਰ ਦਾ ਵਿਆਹ ਅਰਜਨ ਸਿੰਘ ਸੱਚ ਖੜੌਦੀ ਨੇ ਆਪਣੇ ਭਤੀਜੇ ਕਰਮ ਸਿੰਘ ਗਿੱਲ ਨਾਲ ਕਰਾਇਆ ਸੀ। ਮਾਸਟਰ ਮੋਤਾ ਸਿੰਘ ਨੇ ਲਾਵਾਂ ਪੜ੍ਹੀਆਂ ਤੇ ਹਰੀ ਸਿੰਘ ਸੂੰਢ,ਕਰਤਾਰ ਸਿੰਘ ਗੋਂਦਪੁਰ ਅਤੇ ਸੁੰਦਰ ਸਿੰਘ ਮਖਸੂਸਪੁਰੀ ਨੇ ਪੱਲੇ ਦੀ ਰਸਮ ਅਦਾ ਕੀਤੀ।ਸਾਰੇ ਬੱਬਰ ਅਕਾਲੀਆਂ ਨੇ ਵਿਆਹ ਵਿੱਚ ਹਾਜਰੀ ਲੁਆ ਕੇ ਆਪਣੇ ਸ਼ਹੀਦ ਸਾਥੀ ਦੀ ਧੀ ਦੀ ਜੁੰਮੇਵਾਰੀ ਆਪ ਨਿਭਾਈ ਸੀ।
ਦੂਜੀ ਸੰਸਾਰ ਜੰਗ ਸਮੇਂ ਅਜੈਬ ਸਿੰਘ ਦਾਖਾ (ਲੁਧਿਆਣਾ) ਅਤੇ ਚਿੰਤਾ ਸਿੰਘ ਢੰਡੋਲੀ (ਤਹਿਸੀਲ ਫਗਵਾੜਾ) 1940 ਵਿੱਚ ਐਬਟਾਬਾਦ ਛਾਉਣੀ ਤੋਂ ਦੋ ਰਾਈਫਲਾਂ ਅਤੇ ਗੋਲੀਆਂ ਦਾ ਭਰਿਆ ਬਕਸਾ ਲੈ ਕੇ ਫੌਜ ਵਿੱਚੋਂ ਭਗੌੜੇ ਹੋ ਕੇ ਆ ਗਏ। ਗਦਰੀ ਬਾਬਾ ਅਰਜਨ ਸਿੰਘ ਸੱਚ ਖੜੌਦੀ ਅਤੇ ਕਾਬਲ ਸਿੰਘ ਗੋਬਿੰਦਪੁਰੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਹੁਣ ਤੁਸੀਂ ਦੌੜਿੳਂ ਤਾਂ ਹੈਗੇ ਆਂ ਕੁਸ਼ ਚੰਗਾ ਕਰਕੇ ਜਾਇੳ ਤੇ ਸਲਾਹ ਦਿੱਤੀ ਕਿ ਕਰਮ ਸਿੰਘ ਦਾ ਸੋਧਾ ਲਾ ਦਿੳ। 25 ਮਾਰਚ 1940 ਨੂੰ ਦੋਹਾਂ ਨੇ ਪੰਡੋਰੀ ਗੰਗਾ ਸਿੰਘ ਅਤੇ ਕੰਗਰੋੜ ਪਿੰਡ ਦੀ ਹੱਦ ਤੇ ਖੁਹ ਤੇ ਰਹਿੰਦੇ ਕਰਮ ਸਿੰਘ ਦੇ ਛੜੇ ਦੋਸਤ ਦੇ ਖੁਹ ਤੇ ਆਏ ਕਰਮ ਸਿੰਘ ਨੂੰ ਦੋਹਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਚਿੰਤਾ ਸਿੰਘ ਦੀ ਪਤਨੀ ਪੰਡੋਰੀ ਗੰਗਾ ਸਿੰਘ ਤੋਂ ਸੀ।ਉਸਦੀ ਪਤਨੀ ਅਤੇ ਚਾਚੇ ਸਹੁਰੇ ਬੀਰ ਸਿੰਘ ਸਹੋਤਾ ਨੇ ਚਿੰਤਾ ਸਿੰਘ ਨੂੰ ਇਨਾਮ ਦੇ ਲਾਲਚ ਵਿੱਚ ਫੜਾ ਦਿੱਤਾ। ਅਜੈਬ ਸਿੰਘ ਨੇ ਦੋਹਾਂ ਨੂੰ ਮਾਰ ਦਿੱਤਾ ਤੇ ਚਿੰਤਾ ਸਿੰਘ ਨੂੰ ਹੁਸ਼ਿਆਰਪੁਰ ਸੈਸ਼ਨ ਕੋਰਟ ਨੇ ਫਾਂਸੀ ਦੀ ਸਜਾ ਦਿੱਤੀ ਤੇ ਉਸਨੂੰ ਜਲੰਧਰ ਜੇਲ ਵਿੱਚ ਫਾਂਸੀ ਲਾ ਦਿੱਤਾ ਸੀ। ਅਜੈਬ ਸਿੰਘ ਇਕ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ।
ਦੇਸ਼ ਆਜ਼ਾਦ ਹੋਣ ਮਗਰੋਂ ਪੰਜਾਬ ਸਰਕਾਰ ਨੇ ਪੁਲਿਸ ਚੌਂਕੀ ਦਾ ਖਰਚਾ ਪਿੰਡ ਨੂੰ ਵਾਪਸ ਮੋੜ ਦਿੱਤਾ ਸੀ। ਪ੍ਰਤਾਪ ਸਿੰਘ ਕੈਰੋਂ ਨੇ ਬਹਿਬਲਪੁਰ ਵਿੱਚ ਪਸ਼ੂਆਂ ਦੇ ਹਸਪਤਾਲ ਦਾ ਨੀੰਹ ਪੱਥਰ ਰੱਖਿਆ, ਧੰਨਾ ਸਿੰਘ ਮੈਮੋਰੀਅਲ ਹਸਪਤਾਲ, ਕੋਟਫਤੂਹੀ ਤੋਂ ਬਹਿਬਲਪੁਰ ਮਾਰਗ ਦਾ ਉਦਘਾਟਨ ਗਿਆਨੀ ਜੈਲ ਸਿੰਘ ਨੇ 26 ਮਾਰਚ 1973 ਨੂੰ ਕੀਤਾ, ਮਾਹਿਲਪੁਰ ਫਗਵਾੜਾ ਸੜਕ ਤੇ ਕੋਟਫਤੂਹੀ ਮੋੜ ਤੇ ਸ਼ਹੀਦ ਧੰਨਾ ਸਿੰਘ ਯਾਦਗਾਰੀ ਗੇਟ ਪੰਜਾਬ ਸਰਕਾਰ ਨੇ ਅਪ੍ਰੈਲ 1983 ਨੂੰ ਬਣਾਇਆ। ਇਨ੍ਹਾਂ ਵਿੱਚੋਂ ਬਹੁਤੇ ਯਾਦਗਾਰੀ ਕੰਮ ਬਖਸ਼ੀਸ਼ ਸਿੰਘ ਨਾਗਰਾ ਦੇ ਸਰਪੰਚ ਹੁੰਦਿਆਂ ਸ਼ੁਰੂ ਹੋਏ ਸਨ।
ਅੰਗਰੇਜ ਸਰਕਾਰ ਨੇ ਸਦਰ ਥਾਣਾ ਹੁਸ਼ਿਆਰਪੁਰ ਲਾਗੇ ਬਗੀਚੀ ਵਿੱਚ ਸੰਗਮਰਮਰ ਉਤੇ ਧਮਾਕੇ ਵਿੱਚ ਮਰੇ ਪੁਲਸੀਆਂ ਦੇ ਨਾਮ ਲਿਖ ਕੇ ਹੌਰਟਨ ਦਾ ਬੁੱਤ ਲਾ ਦਿੱਤਾ ਜਿਸਨੂੰ ਆਜ਼ਾਦ ਭਾਰਤ ਦੀਆਂ ਸਰਕਾਰਾਂ 28 ਸਾਲਾਂ ਤੱਕ ਨਹੀਂ ਹਟਾ ਸਕੀਆਂ।ਬਖਸ਼ੀਸ਼ ਸਿੰਘ ਨਾਗਰਾ ਤੇ ਸਾਥੀਆਂ ਦੇ ਯਤਨਾਂ ਸਦਕਾ ਗਿਆਨੀ ਜੈਲ ਸਿੰਘ ਦੇ ਹੁਕਮਾਂ ਤੇ ਹੌਰਟਨ ਦਾ ਬੁੱਤ ਹਟਾ ਕੇ ਉੱਥੇ ਸ਼ਹੀਦ ਬੱਬਰ ਧੰਨਾ ਸਿੰਘ ਯਾਦਗਾਰੀ ਪਾਰਕ ਬਣਾ ਦਿੱਤਾ ਸੀ।
103 ਸਾਲ ਦੇ ਬਖਸ਼ੀਸ਼ ਸਿੰਘ ਨਾਗਰਾ ਵਿਕਟੋਰੀਆ / ਸਰੀ ਕਨੇਡਾ ਵਿੱਚ ਆਪਣੇ ਲੜਕਿਆਂ ਸਤਵੰਤ ਸਿੰਘ , ਅਜੀਤ ਸਿੰਘ, ਸਰਬਜੀਤ ਸਿੰਘ ਅਤੇ ਗੁਰਦੀਪ ਸਿੰਘ ਦੇ ਵੱਡੇ ਪਰਿਵਾਰ ਨਾਲ ਰਹਿੰਦੇ ਹਨ।ਰਹਿੰਦੀ ਦੁਨੀਆਂ ਤੱਕ ਸ਼ਹੀਦ ਬੱਬਰ ਧੰਨਾ ਸਿੰਘ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਅਤੇ ਸੰਘਰਸ਼ ਕਰਨ ਵਾਲਿਆਂ ਦੇ ਦਿਲਾਂ ਵਿੱਚ ਅਣਖ ਦੀ ਜੋਤ ਜਗਾਉਂਦਾ ਰਹੇਗਾ। ❤️✊🏻🚩